ਲੰਘੇ ਸ਼ਨਿਚਰਵਾਰ ਨਿਊਯਾਰਕ ਵਿੱਚ ਵੱਸਦੇ ਸਾਹਿਤਕ ਪ੍ਰੇਮੀਆਂ ਦੀ ਇਕ ਸਾਹਿਤਕ ਬੈਠਕ ਜਸਵੀਰ ਸਿੰਘ ਡੁਮੇਲੀ ਹੋਰਾਂ ਦੇ ਘਰ ਫਲੋਰਲ ਪਾਰਕ ਵਿੱਚ ਬੁਲਾਈ ਗਈ, ਜਿਸ ਵਿੱਚ ਕੋਈ ਵੀਹ ਦੇ ਕਰੀਬ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਸਾਰਾ ਹੀ ਮਹੌਲ ਸਾਹਿਤਕ ਜਲੌਅ ਵਿੱਚ ਹੋਇਆ। ਸਾਰੇ ਹੀ ਸੱਜਣ ਮਿੱਤਰ ਦਿੱਤੇ ਗਏ ਸਮੇਂ ਸਿਰ ਆਉਣਾਂ ਸ਼ੁਰੂ ਹੋ ਗਏ ਸਨ।ਪਹਿਲਾ ਘੰਟਾ ਚਾਹ ਨਾਲ ਖਾਂਦਿਆਂ,ਕੁੱਝ ਗੱਪਸ਼ਪ ਲਾਉਂਦਿਆਂ ਬੀਤਿਆ। ਉਸ ਤੋਂ ਸਾਹਿਤਕ ਪ੍ਰੋਗਰਾਮ ਸ਼ੂਰੂ ਹੋ ਗਿਆ। ਜਿਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲੇ ਪੜਾਅ ਵਿਚ ਕਹਾਣੀ ਪੜੀ ਗਈ। ਜਿਸ ਵਿੱਚ ਰਾਣੀ ਨਗਿੰਦਰ ਹੋਰਾਂ ਨੇ “ਸ਼ਹਿਰੇ ਖਾਮੋਸ਼”ਪੜੀ ਜਿਹੜੀ ਈਜਿਪਟ ਦੇ ਸ਼ਹਿਰ ਕਾਇਰੋ ਵਾਰੇ ਸੀ, ਰਾਣੀ ਹੋਰਾਂ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਨਾਲ ਪੇਸ਼ ਕੀਤੀ ਇੰਝ ਮਹਿਸੂਸ ਹੋ ਰਿਹਾ ਸੀ ਜਿਵੇ ਕਾਇਰੋ ਸ਼ਹਿਰ ਵਿੱਚ ਘੁੰਮਦੇ ਹੋਈਏ। ਉਹਨਾਂ ਤੋਂ ਬਾਅਦ ਪ੍ਰੋ ਜਸਵੀਰ ਸਿੰਘ ਊਭੀ ਹੋਰਾਂ ਇਕ ਕਹਾਣੀ “ਕੱਚਾ ਮਕਾਨ ” ਪੜੀ ਜਿਸ ਵਿੱਚ ਗਰੀਬੀ ਮਿਹਨਤ ਤੇ ਇਮਾਨਦਾਰੀ ਦੀ ਸੋਚ ਨੂੰ ਬਾਖੂਬੀ ਨਿਭਾਇਆ ਗਿਆ। ਉਂਕਾਰ ਸਿੰਘ ਡੁਮੇਲੀ ਹੋਰਾਂ ਨਵ ਵਸਤੀ ਵਾਦ ਦਾ ਅਜ ਦੇ ਦਿਨਾਂ ਵਿੱਚ ਸਮਾਜਿਕ ਜੀਵਨ ਵਿੱਚ ਆਈ ਉਥਲ ਪੁੱਥਲ ਦੇ ਨਾਕਾਮਿਕ ਅਸਰ ਤੋਂ ਪ੍ਰਭਾਵਿਤ ਮਨੁੱਖੀ ਜਨ ਜੀਵਨ ਨੂੰ ਬਿਆਨ ਕੀਤਾ।ਦੂਸਰੇ ਪੜਾਅ ਵਿੱਚ ਕਵਿਤਾ ਦਾ ਦੌਰ ਪ੍ਰਿਤਪਾਲ ਕੌਰ ਹੋਰਾਂ ਦੀ ਕਵਿਤਾ ਸੁਪਨੇ ਦੇ ਵਿੱਚ ਮੈਂ ਲਹੌਰ ਵੇਖਿਆ ਨਾਲ ਸ਼ੂਰੂ ਹੋਇਆ, ਇਵੇ ਲੱਗਿਆ ਜਿਵੇ ਸਹੀ ਤੌਰ ਤੇ ਲਹੌਰ ਦੀ ਫੇਰੀ ਲਗ ਗਈ ਹੋਵੇ। ਰਾਣੀ ਨਗਿੰਦਰ ਹੋਰਾਂ ਵੀ ਕਵਿਤਾ “ਚੰਦ ਦੀਆਂ ਗੱਲਾਂ ਰਲ਼ ਮਿਲ਼ ਕਰੀਏ”ਸੁਣਾਂ ਕੇ ਵਾਹ ਵਾਹ ਖੱਟੀ। ਦੂਸਰੀ ਕਵਿਤਾ ਦਾ ਰਾਣੀ ਹੋਰਾਂ ਤਰੰਨਮ ਵਿੱਚ ਗਾਇਨ ਕੀਤਾ “ਦਿਲ ਬਹੁਤ ਬੇਕਰਾਰ ਮੇਰਾ। ਮੈਨੂੰ ਖ਼ੁਦ ਨੂੰ ਇੰਤਜ਼ਾਰ ਮੇਰਾ ਸੁਣਾਈ। ਪਹਿਲੀ ਵਾਰ ਬੈਠਕ ਵਿੱਚ ਆਏ ਜਸਜੀਤ ਸਿੰਘ ਦਸੂਹਾ ਹੋਰਾਂ ਨੇ ਅਜ ਦੇ ਸਮਾਜਿਕ ਜੀਵਨ ਉਤੇ ਹਾਲਾਤ ਦੇ ਪੈਂਦੇ ਬੁਰੇ ਪ੍ਰਭਾਵ ਵਾਰੇ ਕਵਿਤਾ ਸੁਣਾਈ ਕਿ ਕਿਵੇਂ ਮਨੁੱਖਤਾ ਨਿਵਾਣ ਵਲ ਵੱਧ ਰਹੀ ਹੈ। ਜੱਸੀ ਢਿੱਲੋ ਹੋਰਾਂ ਨੇ “ਮੈਨੂੰ ਮੇਰੇ ਗਮਾਂ ਦੇ ਨਾਲ ਹੀ ਰਹਿਣ ਦੇ”।ਗਾਇਨ ਕਰਕੇ ਆਪਣੀ ਹਾਜ਼ਰੀ ਲੁਆਈ। ਬੈਠਕ ਵਿੱਚ ਪਹਿਲੀ ਵਾਰ ਆਏ ਇਕਹੋਰ ਉਸਤਾਦ ਗ਼ਜ਼ਲ ਗੋਅ ਅਮਰੀਕ ਗ਼ਾਫ਼ਲ ਹੋਰਾਂ ਵੀ ਇਕ ਗਜ਼ਲ “ਹੰਝੂਆਂ ਦੀ ਝੜੀ ਚਾਰ ਦਿਨ ਫਿਰ ਕਹਾਣੀ ਖ਼ਤਮ “ਤਰੰਨਮ ਵਿੱਚ ਗਾਇਨ ਕੀਤੀ। ਮਨਮੋਹਨ ਪੂਨੀ ਹੋਰਾਂ ਨੇ ਡਾਕਟਰ ਗੁਰਮੇਲ ਸਿੱਧੂ ਹੋਰਾਂ ਦੀ ਲਿਖੀ ਇਕ ਕਵਿਤਾ “ਭੂੰਜੇ ਡਿੱਗੇ ਬੋਲ ਸੁਣਾਂ”ਕੇ ਉਹਨਾਂ ਨੂੰ ਯਾਦ ਕੀਤਾ ਜਿਹੜੇ ਕੁੱਝ ਮਹੀਨੇ ਪਹਿਲਾਂ ਆਪਣੇ ਮਿਲੇ ਸਾਹ ਮੁੱਕਾ ਕੇ ਗਰਦਸ਼ ਵਿੱਚ ਸਮਾ ਗਏ ਹਨ। ਰਾਮ ਜੀ ਦਾਸ ਸੇਠੀ ਹੋਰਾਂ “ਅੜਿਆ ਐਵੇ ਅੜਿਆ ਨਾ ਕਰ” ਕਵਿਤਾ ਸੁਣਾਈ। ਮਹਿਮੂਦ ਹੁਸੈਨ ਹੋਰਾਂ ਨੇ “ਮੇਰੇ ਹਿੱਸੇ ਦੀ ਨਾਮਜ਼ਦ ਆਜਾਦੀ”ਸੁਣਾਈ। ਮਹਿਮੂਦ ਹੁਸੈਨ ਹੋਰਾਂ ਨੇ ਕਹਾਣੀ ਦੇ ਦੌਰ ਵਿੱਚ ਜਬਰੀ ਚੌਰ ਕਹਾਣੀ ਵੀ ਪੜੀ।ਉਂਕਾਰ ਸਿੰਘ ਡੁਮੇਲੀ ਹੋਰਾਂ ਨੇ “ਕੀ ਕਰਾਂ ਸਮੇਂ ਦੀ ਗੱਲ ਕਰਾਂ” ਬਹੁਤ ਖੂਬਸੂਰਤ ਕਵਿਤਾ ਸੁਣਾਈ। ਮੋਹਣ ਸਿੰਘ ਭੰਵਰਾ ਹੋਰਾਂ ਨੇ “ਹੁ ਣ ਤੋੜ ਬੰਧਨ ਤੋੜ ” ਕਵਿਤਾ ਸੁਣਾਈ ਜਿਸ ਦਾ ਕੇਂਦਰੀ ਭਾਵ ਹਰ ਵਰਗ ਨੂੰ ਪੂੰਜੀਵਾਦ ਦੇ ਸਾਹਮਣੇ ਹਿੱਕ ਤਾਣ ਕੇ ਦਰਸਾਇਆ ਗਿਆ। ਬਲਵੀਰ ਸਿੰਘ ਡੁਮੇਲੀ ਨੇ ਆਪਣੇ ਕੁੱਝ ਦੋਹੇ ਤੇ ਇਕ ਕਵਿਤਾ ਸੁਣਾਈ। ਜਸਵਿੰਦਰ ਸਿੰਘ ਡੁਮੇਲੀ ਹੋਰਾਂ ਨੇ ਕੁੱਝ ਹਾਸਿਆਂ ਨਾਲ ਭਰਪੂਰ ਗੱਲਾਂ ਸੁਣਾਂ ਕੇ ਸਾਰਾ ਮਾਹੌਲ ਹਾਸਿਆਂ ਨਾਲ ਭਰਪੂਰ ਕਰ ਦਿੱਤਾ। ਰਾਜਿੰਦਰ ਜਿੰਦ ਹੋਰਾਂ ਨੇ ਦੋ ਗ਼ਜ਼ਲਾਂ ਸੁਣਾਂ ਕੇ ਸਾਰਿਆ ਦੀਆਂ ਰੂਹਾਂ ਸ਼ਰਸ਼ਾਰ ਕਰ ਦਿੱਤੀਆ ।ਕਵਿਤਾ ਦੇ ਦੌਰ ਤੋਂ ਬਾਅਦ ਪ੍ਰੋ ਜਸਵੀਰ ਸਿੰਘ ਊਭੀ ਹੋਰਾਂ ਦੀ ਨਵੀਂ ਕਿਤਾਬ ” ਵਿਸ਼ਵ ਲੋਕ ਨਾਇਕ ” ਸਾਹਿਤਕਾਰਾਂ ਦੀ ਬੈਠਕ ਵਿੱਚ ਲੋਕ ਅਰਪਣ ਕੀਤੀ ਗਈ। ਜਿਸ ਦਾ ਮੂਲੱਕਣ ਰੇਸ਼ਮ ਸਿੰਘ ਡੁਮੇਲੀ ਹੋਰਾਂ ਬਹੁਤ ਖੂਬਸੂਰਤ ਤਰੀਕੇ ਨਾਲ ਕੀਤਾ, ਊਭੀ ਹੋਰਾਂ ਕਈ ਸੁਝਾਅ ਦਿੱਤੇ। ਜਿਸ ਨਾਲ ਕਿਤਾਬ ਹੋਰ ਵੀ ਰੋਚਕ ਹੋ ਸਕਦੀ ਸੀ। ਮੋਹਣ ਸਿੰਘ ਭੰਵਰਾ ਹੋਰਾਂ ਨੇ ਕਿਤਾਬ ਵਾਰੇ ਬੋਲਦਿਆਂ ਕਿਹਾ ਕਿ ਕਿਤਾਬ ਵਿੱਚਲੇ ਪਾਤਰਾਂ ਦੀ ਮੁੱਢਲੀ ਜਾਣਕਾਰੀ ਦੇਣ ਵਿੱਚ ਲਿਖਾਰੀ ਕਾਮਯਾਬ ਹੋਇਆ ਹੈ।ਬਲਵੀਰ ਸਿੰਘ ਡੁਮੇਲੀ ਹੋਰਾਂ ਨੇ ਕਿਤਾਬ ਵਾਰੇ ਬਦਲਦਿਆਂ ਕਿਹਾ ਕਿ ਕਈ ਪਾਤਰਾਂ ਨੂੰ ਇਕਪਾਸੜ ਹੀ ਚਿਤਰਿਆ ਗਿਆ ਹੈ। ਜਸਵੀਰ ਸਿੰਘ ਡੁਮੇਲੀ ਹੋਰਾਂ ਨੇ ਕਵਿਤਾ ਦੇ ਦੌਰਾਨ ਦੋ ਗ਼ਜ਼ਲਾਂ ਸੁਣਾਈਆਂ। ਅਖੀਰ ਵਿੱਚ ਬਲਵਿੰਦਰ ਸਿੰਘ ਜੰਡਿਆਲਾ ਨੇ”ਤੇਰੇ ਜਾਣ ਪਿੱਛੋ ਮੁਰਝਾ ਗਏ ਸਾਂ” ਆਪਣੀ ਮਿੱਠੀ ਆਵਾਜ ਵਿੱਚ ਸੁਣਾਈ। ਅਖੀਰ ਵਿੱਚ ਰੀਟਾ ਕੋਹਲੀ ਹੋਰਾਂ ਨੇ ਦੋ ਗਜ਼ਲਾਂ ਕਲਾਸੀਕਲ ਸੰਗੀਤ ਵਿਚ ਸੁਣਾਂ ਕੇ ਸਾਰਿਆਂ ਤੋਂ ਤਾੜੀਆਂ ਨਾਲ ਵਾਹ ਵਾਹ ਝੋਲੀ ਪਵਾਈ। ਇਸ ਬੈਠਕ ਵਿੱਚ ਸਰਬਜੀਤ ਕੌਰ ਗੁਰਪ੍ਰੀਤ ਕੌਰ ਮਨਜੀਤ ਕੌਰ, ਮਨਜਿੰਦਰ ਕੌਰ, ਰਾਜਵਿੰਦਰ ਕੌਰ, ਤਰਲੋਕ ਸਿੰਘ ਅਸ਼ਰੀਤ ਕੌਰ ਤੇ ਸਮਰ ਸਿੰਘ ਨੇ ਵੀ ਹਾਜ਼ਰੀ ਭਰੀ। ਅਖੀਰ ਵਿੱਚ ਸਕਲੈਨ ਮਲਿਕ ਹੋਰਾਂ ਮਹਿਮੂਦ ਹੁਸੈਨ ਹੋਰਾਂ ਦੀ ਕਹਾਣੀ ਜਬਰੀ ਚੋਰ ਨੂੰ ਮਿੰਟੋ ਦੀ ਕਹਾਣੀ ਵਰਗੀ ਕਹਿ ਕੇ ਸਲਾਹਿਆ। ਸਾਰਿਆ ਸੱਜਣਾਂ ਨੇ ਇਸ ਸਾਹਿਤਕ ਬੈਠਕ ਦਾ ਭਰਪੂਰ ਲੁਤਫ ਲਿਆ ਤੇ ਅਖੀਰ ਵਿੱਚ ਜਸਵੀਰ ਸਿੰਘ ਡੁਮੇਲੀ ਹੋਰਾਂ ਦੇ ਪਰਿਵਾਰ ਵਲੋਂ ਤਿਆਰ ਕੀਤੇ ਖਾਣੇ ਦਾ ਅਨੰਦ ਮਾਣਿਆ ਜਿਸ ਨੂੰ ਤਿਆਰ ਕਰਨ ਵਿੱਚ ਗੋਲਡੀ ਡੁਮੇਲੀ ਨੇ ਸਖਤ ਮਿਹਨਤ ਕੀਤੀ। ਸ਼ਰਨਜੀਤ ਸਿੰਘ ਨੇ ਵੀ ਇਸ ਬੈਠਕ ਨੂੰ ਵਧੀਆ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਖਾਣੇ ਤੋਂ ਬਾਅਦ ਸਾਰਿਆ ਨੇ ਇਕ ਦੂਜੇ ਨੂੰ ਦੋਬਾਰਾ ਮਿਲਣ ਦੇ ਇਕਰਾਰ ਨਾਲ ਅਲਵਿਦਾ ਕਹੀਂ।







