ਨਿਊਯਾਰਕ ਦੇ ਲਾਂਗ ਆਈਲੈਂਡ ਵਿੱਚ ਇੱਕ ਭਾਰਤੀ-ਅਮਰੀਕੀ 32 ਸਾਲਾ ਉਦਯੋਗਪਤੀ ਅਤੇ ਉਸ ਦੇ ਕੁੱਤੇ ਦੀ ਅੱਗ ਵਿੱਚ ਸੜ ਜਾਣ ਦੇ ਕਾਰਨ ਮੌਤ ਹੋ ਗਈ । ਇਹ ਘਟਨਾ 14 ਦਸੰਬਰ ਨੂੰ ਡਿਕਸ ਹਿਲਜ਼ ਕਾਟੇਜ ਵਿੱਚ ਵਾਪਰੀ ਹੈ।ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਤਾਨਿਆ ਬਥੀਜਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅੱਗ ਦੀਆਂ ਲਪਟਾਂ ਇੰਨੀਆਂ ਜ਼ਿਆਦਾ ਸਨ ਕਿ ਪੁਲਿਸ ਅਧਿਕਾਰੀ ਉਸ ਘਰ ਦੇ ਅੰਦਰ ਨਹੀਂ ਵੜ ਸਕੇ ਜਿਸ ਦੇ ਵਿੱਚ ਅੱਗ ਲੱਗੀ ਹੋਈ ਸੀ।
ਇਸ ਹਾਦਸੇ ਦੇ ਬਾਰੇ ਪੇਟਰੋਲਿੰਗ ਅਧਿਕਾਰੀਆਂ ਨੂੰ 2:53 ਵਜੇ ਖਬਰ ਦਿੱਤੀ ਗਈ। ਇਸ ਦੌਰਾਨ ਸਫੋਲਕ ਕਾਉਂਟੀ ਪੁਲਿਸ ਵਿਭਾਗ ਨੇ ਇਸ ਮਾਮਲੇ ਵਿੱਚ ਕਿਸੇ ਵੀ ਅਪਰਾਧਿਕ ਸਾਜ਼ਿਸ਼ ਤੋਂ ਇਨਕਾਰ ਕਰ ਦਿੱਤਾ ਹੈ। ਸਫੋਲਕ ਪੁਲਿਸ ਵਿਭਾਗ ਦੇ ਲੈਫਟੀਨੈਂਟ ਕੇਵਿਨ ਬੀਅਰਰ ਨੇ ਵਿਭਾਗ ਦੇ ਕਤਲ ਦਸਤੇ ਦੇ ਮੁਖੀ ਦੇ ਹਵਾਲੇ ਨਾਲ ਕਿਹਾ ਕਿ “ਤਾਨਿਆ ਬਥੀਜਾਹ ਕਾਰਲਸ ਸਟ੍ਰੇਟ ਪਾਥ ‘ਤੇ ਆਪਣੇ ਮਾਪਿਆਂ ਦੇ ਘਰ ਦੇ ਪਿੱਛੇ ਇੱਕ ਝੌਂਪੜੀ ਵਿੱਚ ਰਹਿੰਦੀ ਸੀ।” ਬਥੀਜਾ ਨੇ ਹਾਲ ਹੀ ਵਿੱਚ ਬੇਲਪੋਰਟ, ਲੋਂਗ ਆਈਲੈਂਡ ਵਿੱਚ ਇੱਕ ਡੰਕਿਨ’ ਡੋਨਟਸ ਆਊਟਲੈਟ ਖੋਲ੍ਹਿਆ ਹੈ। ਉਸ ਨੇ ਲੇਖਾ ਅਤੇ ਵਿੱਤ ਵਿੱਚ ਆਪਣੀ ਐਮਬੀਏ ਪੂਰੀ ਕਰਨ ਤੋਂ ਬਾਅਦ ਇਸ ਖੇਤਰ ਵਿੱਚ ਉੱਦਮ ਕੀਤਾ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਬਥੀਜਾ ਦੇ ਪਿਤਾ ਗੋਬਿੰਦ ਬਥੀਜਾ ਸਵੇਰੇ ਕਸਰਤ ਲਈ ਜਾ ਰਹੇ ਸਨ ਜਦੋਂ ਉਨ੍ਹਾਂ ਨੇ ਅੱਗ ਨੂੰ ਦੇਖਿਆ ਅਤੇ ਤੁਰੰਤ 911 ਨੰਬਰ ਡਾਇਲ ਕੀਤਾ। ਗੋਬਿੰਦ ਬਥੀਜਾ ਇੱਕ ਵਪਾਰੀ ਅਤੇ ਕਮਿਊਨਿਟੀ ਲੀਡਰ ਹਨ।
ਇਸ ਬਾਰੇ ਵਿਭਾਗ ਨੇ ਕਿਹਾ ਕਿ “ਬਥੀਜਾ ਨੇ ਜਿਵੇਂ ਹੀ ਆਪਣੀ ਪਤਨੀ ਨੂੰ 911 ‘ਤੇ ਕਾਲ ਕੀਤੀ ਅਤੇ ਸੁਚੇਤ ਕੀਤਾ। ਉਹ ਬਾਹਰ ਝੌਂਪੜੀ ਵੱਲ ਭੱਜੇ ਅਤੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਹ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ ਸੀ।”
ਇਸ ਤੋਂ ਇਲਾਵਾ ਸਥਾਨਕ ਅਖਬਾਰ ਨਿਊਜ਼ਡੇਅ ਮੁਤਾਬਕ ਪੈਟਰੋਲੰਿਗ ਅਫਸਰ ਅਤੇ ਇੱਕ ਸਾਰਜੈਂਟ ਨੇ ਬਥੀਜਾ ਦੀ ਝੌਂਪੜੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਕਾਰਨ ਉਹ ਘਰ ਦੇ ਅੰਦਰ ਹੀ ਨਹੀਂ ਜਾ ਸਕੇ।ਡਿਕਸ ਹਿਲਸ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਨੇ ਦੱਸਿਆ ਕਿ ਅੱਗ ਬੁਝਾਉਣ ਲਈ 60 ਤੋਂ ਵੱਧ ਫਾਇਰਫਾਈਟਰਜ਼ ਅਤੇ ਬਚਾਅ ਕਰਮਚਾਰੀਆਂ ਨੂੰ ਭੇਜਿਆ ਗਿਆ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤਾਨਿਆ ਬਥੀਜਾ ਦਾ ਸਸਕਾਰ ਮੈਲੋਨੀ ਦੇ ਲੇਕ ਫਿਊਨਰਲ ਹੋਮ ਅਤੇ ਰੋਨਕੋਨਕੋਮਾ ਲੇਕ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।






