ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਗੁਰੂ ਸਿੰਘ ਸਭਾ ਵੱਲੋਂ 8 ਮਾਰਚ ਨੂੰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਲਾ ਮਹੱਲਾ ਸਜਾਇਆ ਜਾਵੇਗਾ। ਜਾਣਕਾਰੀ ਦਿੰਦੇ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਅਨੂਪ ਸਿੰਘ ਵਿਰਦੀ ਤੇ ਜਨਰਲ ਸਕੱਤਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 8 ਮਾਰਚ ਨੂੰ ਦੁਪਹਿਰ 12 ਵਜੇ ਸੁਰਮਈ ਨਿਸ਼ਾਨ ਸਾਹਿਬ ਤੇ ਪੰਜਾ ਪਿਆਰਿਆਂ ਦੀ ਅਗਵਾਈ ਵਿਚ ਅਰਦਾਸ ਕਰ ਕੇ ਹੋਲਾ ਮਹੱਲਾ ਆਰੰਭ ਹੋਵੇਗਾ। ਇਹ ਮਹੱਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਸ੍ਰੀ ਗੁਰੂ ਰਾਮਦਾਸ ਜੀ ਸਰਾਂ, ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਜੀ, ਬਾਬਾ ਦੀਪ ਸਿੰਘ ਕਾਲੋਨੀ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ, ਸੁਲਤਾਨਵਿੰਡ ਚੋੰਕ, ਘਿਉ ਮੰਡੀ ਚੋੰਕ, ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਸ਼ੇਰਾਂ ਵਾਲਾ ਗੇਟ, ਧਰਮ ਸਿੰਘ ਮਾਰਕਿਟ, ਮੁੱਖ ਦਫਤਰ ਸ੍ਰੀ ਗੁਰੂ ਸਿੰਘ ਸਭਾ, ਜਲ੍ਹਿਆਂਵਾਲਾ ਬਾਗ ਦੇ ਬਾਹਰੋਂ ਵਿਰਾਸਤੀ ਮਾਰਗ ਤੋਂ ਹੁੰਦਾ ਹੋਇਆ ਘੰਟਾ ਘਰ ਗੇਟ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੰਨ ਹੋਵੇਗਾ। ਮਹੱਲੇ ਸਮੇਂ ਫੁੱਲਾਂ ਅਤੇ ਇਤਰ ਦੀ ਵਰਖਾ ਕੀਤੀ ਜਾਵੇਗੀ।






