ਗਾਜ਼ਾ ਵਿਚ ਮਨੁੱਖੀ ਮਦਦ ਦੀ ਆਸ ਵਿਚ ਇਕੱਠੇ ਹੋਏ 100 ਤੋਂ ਵੱਧ ਫ਼ਲਸਤੀਨੀਆਂ ਦੀ ਹਵਾਈ ਹਮਲੇ ਵਿਚ ਹੋਈ ਮੌਤ ਨੂੰ ਲੈ ਕੇ ਇਜ਼ਰਾਈਲ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ।
ਸੰਯੁਕਤ ਰਾਸ਼ਟਰ ਤੇ ਕੌਮਾਂਤਰੀ ਭਾਈਚਾਰੇ ਨੇ ਇਸ ਘਟਨਾ ਨੂੰ ਲੈ ਕੇ ਡੂੰਘਾ ਰੋਸ ਜ਼ਾਹਰ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲਾ ਨੇ ਉੱਤਰੀ ਗਾਜ਼ਾ ਵਿਚ ਨਿਰਦੋਸ਼ ਨਾਗਰਿਕਾਂ ਦੀ ਹਮਲੇ ਵਿਚ ਹੋਈ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ ਤੇ ਕਿਹਾ ਕਿ ਇਸ ਨਾਲ ਸਦਮਾ ਪੁੱਜਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਇਜ਼ਰਾਇਲੀ ਫ਼ੌਜੀਆਂ ਦੇ ਕਾਰੇ ਵਿਰੁੱਧ ਨਿਆਂ ਮੰਗਿਆ ਹੈ।
ਬਰਾਜ਼ੀਲ ਨੇ ਵੀ ਇਸ ਕਾਰਵਾਈ ਨੂੰ ਇਜ਼ਰਾਈਲ ਸਰਕਾਰ ਦੀ ਗ਼ੈਰ-ਅਖ਼ਲਾਕੀ ਤੇ ਕਾਨੂੰਨੀ ਦਾਇਰੇ ਤੋਂ ਬਾਹਰ ਕੀਤੀ ਕਾਰਵਾਈ ਦੱਸਿਆ ਹੈ। ਜਰਮਨੀ ਨੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ ਨੇ ਵੀ ਇਸ ਦੀ ਨਿੰਦਿਆ ਕਰਦੇ ਹੋਏ ਜੰਗਬੰਦੀ ਦੀ ਮੰਗ ਕੀਤੀ ਹੈ। ਹਾਲਾਂਕਿ ਇਜ਼ਰਾਈਲ ਸਰਕਾਰ ਹਮਲੇ ਦੀ ਜ਼ਿੰਮੇਵਾਰੀ ਨਹੀਂ ਲੈ ਰਹੀ ਹੈ।






