ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਸੰਚਾਰ (ਕਮਿਊਨੀਕੇਸ਼ਨ) ਦੀ ਤਾਕਤ ਦੀ ਵਰਤੋਂ ਕਰਕੇ ਭਾਰਤ ਦੀ ਕਹਾਣੀ ਦੁਨੀਆ ਤੱਕ ਪਹੁੰਚਾਉਣ ਅਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਰਕਾਰ ਦੀ ਮਦਦ ਕਰਨ। ਇਹ ਨੋਟ ਕਰਦਿਆਂ ਕਿ ਮੀਡੀਆ ਵਾਂਗ ਦੇਸ਼ ਵੀ ਹੁਣ ਵਿਕਸਤ ਰਾਸ਼ਟਰ ਦਾ ਦਰਜਾ ਹਾਸਲ ਕਰਨ ਲਈ 2047 ਦੀ ਸਮਾਂ-ਸੀਮਾ (ਡੈੱਡਲਾਈਨ) ਵੱਲ ਕੰਮ ਕਰ ਰਿਹਾ ਹੈ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੀਡੀਆ ਨੂੰ ਕੌਮੀ ਸਮਰੱਥਾ ਅਤੇ ਪ੍ਰਾਪਤੀਆਂ ਦਾ ਸ਼ੀਸ਼ਾ ਬਣਨਾ ਚਾਹੀਦਾ ਹੈ।
ਮੀਡੀਆ ਨੂੰ ਭਾਰਤ ਦੀਆਂ ਕੌਮੀ ਅਤੇ ਵਿਅਕਤੀਗਤ ਪ੍ਰਾਪਤੀਆਂ ਨੂੰ ਦਿਖਾਉਣ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨੇ ਪੁੱਛਿਆ, “21ਵੀਂ ਸਦੀ ਦੀ ਸਭ ਤੋਂ ਵੱਡੀ ਤਾਕਤ ਸੰਚਾਰ ਹੈ। ਸਾਡੇ ਕੋਲ ਨੌਜਵਾਨ ਪ੍ਰਤਿਭਾ ਹੈ ਅਤੇ ਦੁਨੀਆ ਨੂੰ ਸੁਣਾਉਣ ਲਈ ਭਾਰਤ ਦੀ ਮਹਾਨ ਕਹਾਣੀ ਹੈ। ਕੀ ਅਸੀਂ ਇਹ ਕਹਾਣੀ ਦੱਸਣ ਲਈ ਆਪਣੀ ਤਾਕਤ ਦੀ ਵਰਤੋਂ ਕਰ ਰਹੇ ਹਾਂ? ਕੀ ਅਸੀਂ ਭਾਰਤ ਦੀ ਕਹਾਣੀ ਲੈ ਕੇ ਦੁਨੀਆ ਕੋਲ ਜਾ ਰਹੇ ਹਾਂ?” ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਕੋਲ ਨੌਜਵਾਨ ਪ੍ਰਤਿਭਾ ਅਤੇ ਬਹੁਤ ਸਾਰੇ ਪ੍ਰਾਪਤੀਆਂ ਕਰਨ ਵਾਲੇ ਲੋਕ ਹਨ।
ਭਾਜਪਾ ਦੇ ਦੀਪਾਵਲੀ ਮਿਲਨ ਸਮਾਗਮ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ਇੱਕ ਫ਼ਿਲਮ ਦੁਨੀਆ ਵਿੱਚ ਕਿਸੇ ਦੇਸ਼ ਦਾ ਅਕਸ ਬਦਲ ਸਕਦੀ ਹੈ। ਕੀ ਸਾਡੀ ਸਮੱਗਰੀ (ਕੰਟੈਂਟ) ਭਾਰਤੀ ਕਹਾਣੀ, ਪ੍ਰਾਪਤੀਆਂ, ਸਮਰੱਥਾ ਅਤੇ ਗੌਰਵ—ਯਾਨੀ ਭਾਰਤ ਦੀ ਸਕਾਰਾਤਮਕ ਕਹਾਣੀ ਨੂੰ ਦਰਸਾਉਂਦੀ ਹੈ? ਕੀ ਅਸੀਂ ਲੋਕਾਂ ਦੀਆਂ ਪ੍ਰਾਪਤੀਆਂ ਨੂੰ ਉਭਾਰ ਰਹੇ ਹਾਂ? ਸਾਨੂੰ ਭਾਰਤ ਦੀ ਕਹਾਣੀ ਦਾ ਵਿਸਤਾਰ ਕਰਨਾ ਚਾਹੀਦਾ ਹੈ।”
ਲੋਕਾਂ ਤੱਕ ਕਹਾਣੀਆਂ ਪਹੁੰਚਾਉਣ ਅਤੇ ਤਰਾਸੀਦਆਂ ਦੀ ਰਿਪੋਰਟਿੰਗ ਕਰਨ ਲਈ ਜਾਨ ਜੋਖ਼ਮ ਵਿੱਚ ਪਾਉਣ ਵਾਸਤੇ ਮੀਡੀਆ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਂ-ਸੀਮਾਵਾਂ (ਡੈੱਡਲਾਈਨਜ਼) ਵਿਅਕਤੀਆਂ, ਸੰਸਥਾਵਾਂ ਅਤੇ ਦੇਸ਼ ’ਤੇ ਲਾਗੂ ਹੁੰਦੀਆਂ ਹਨ।
ਵਿਸ਼ਵ ਬੈਂਕ ਦੀ ਉਸ ਰਿਪੋਰਟ—ਜਿਸ ਵਿੱਚ 50 ਕਰੋੜ ਭਾਰਤੀਆਂ ਨੂੰ ਅਤਿ-ਗ਼ਰੀਬੀ ਵਿੱਚੋਂ ਬਾਹਰ ਕੱਢਣ ਦਾ ਜ਼ਿਕਰ ਹੈ—ਸਮੇਤ ਪਿਛਲੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਸਾਡਾ ਦੇਸ਼ ਵੀ 2047 ਦੀ ਸਮਾਂ-ਸੀਮਾ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਿਹਾ ਹੈ। ਆਜ਼ਾਦੀ ਦੀ ਸ਼ਤਾਬਦੀ ਤੋਂ ਪਹਿਲਾਂ ਅਸੀਂ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣਾ ਹੈ। ਮੀਡੀਆ ਵਾਲੇ ਜਾਣਦੇ ਹਨ ਕਿ ਜਦੋਂ ਸਮਾਂ-ਸੀਮਾ ਤੈਅ ਹੋ ਜਾਂਦੀ ਹੈ ਤਾਂ ਤਰਜੀਹਾਂ ਬਦਲ ਜਾਂਦੀਆਂ ਹਨ, ਕੰਮ ਕਰਨ ਦਾ ਤਰੀਕਾ ਬਦਲ ਜਾਂਦਾ ਹੈ ਅਤੇ ਰਫ਼ਤਾਰ ਵੀ ਵਧ ਜਾਂਦੀ ਹੈ। ਅੱਜ ਭਾਰਤ ਜਿਨ੍ਹਾਂ ਪ੍ਰਾਪਤੀਆਂ ਨਾਲ ਅੱਗੇ ਵਧ ਰਿਹਾ ਹੈ, ਵਿਕਸਤ ਭਾਰਤ ਦਾ ਟੀਚਾ ਅਸੰਭਵ ਨਹੀਂ ਹੈ।”
ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਲਈ ਵੀ ਮੀਡੀਆ ਤੋਂ ਸਹਿਯੋਗ ਦੀ ਅਪੀਲ ਕੀਤੀ।






