ਦੀਵਾਲੀ ਤੋਂ ਬਾਅਦ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਣ ਲਈ ਸੈਲਾਨੀਆਂ ਵੱਲੋਂ ਪਹਾੜਾਂ ਦਾ ਰੁਖ਼ ਕੀਤੇ ਜਾਣ ਕਾਰਨ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਪਹਾੜੀ ਸਥਾਨਾਂ ‘ਤੇ ਸੈਲਾਨੀਆਂ ਦੀ ਗਿਣਤੀ ਕਾਫ਼ੀ ਵੱਧ ਗਈ ਹੈ।
ਸੂਬੇ ਦੇ ਦੋ ਸਭ ਤੋਂ ਖੂਬਸੂਰਤ ਸੈਰ-ਸਪਾਟਾ ਸਥਾਨਾਂ, ਰਾਜਧਾਨੀ ਸ਼ਿਮਲਾ ਅਤੇ ਮਨਾਲੀ ਵਿੱਚ ਸੈਲਾਨੀਆਂ ਦੀ ਭਾਰੀ ਭੀੜ ਉਮੜ ਪਈ ਹੈ। ਪਹਾੜਾਂ ਦੀਆਂ ਚੋਟੀਆਂ ‘ਤੇ ਵਿਛੀ ਬਰਫ਼ ਦੀ ਪਤਲੀ ਚਾਦਰ, ਸਾਫ਼ ਨੀਲਾ ਅਸਮਾਨ ਅਤੇ ਤਾਜ਼ਾ ਹਵਾ ਸੈਲਾਨੀਆਂ ਨੂੰ ਵੱਡੀ ਗਿਣਤੀ ਵਿੱਚ ਆਪਣੇ ਵੱਲ ਖਿੱਚ ਰਹੀ ਹੈ।
ਦੀਵਾਲੀ ਤੋਂ ਬਾਅਦ ਸ਼ਿਮਲਾ ਅਤੇ ਮਨਾਲੀ ਵਿੱਚ ਏਅਰ ਕੁਆਲਿਟੀ ਇੰਡੈਕਸ (ਏ ਕਿਊ ਆਈ) ਕ੍ਰਮਵਾਰ 66 ਤੋਂ 100 ਅਤੇ 70 ਤੋਂ 82 ਦਰਜ ਕੀਤਾ ਗਿਆ, ਜਿਸ ਨੂੰ ਤਸੱਲੀਬਖਸ਼ ਤੋਂ ਦਰਮਿਆਨੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਨਵੀਂ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐੱਨ ਸੀ ਆਰ) ਵਿੱਚ ਹਵਾ ਦੀ ਗੁਣਵੱਤਾ (ਪ੍ਰਦੂਸ਼ਣ ਪੱਧਰ) 320 ਤੋਂ 520 ਦੇ ਵਿਚਕਾਰ ਰਹੀ, ਜਿਸ ਨੂੰ ਬੇਹੱਦ ਖ਼ਰਾਬ ਅਤੇ ਖ਼ਤਰਨਾਕ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।
ਸ਼ਿਮਲਾ ਪੁੱਜੇ ਇੱਕ ਸੈਲਾਨੀ ਮਨੀਸ਼ ਨੇ ਕਿਹਾ, “ਮੈਦਾਨੀ ਇਲਾਕਿਆਂ ਵਿੱਚ ਗੰਭੀਰ ਪ੍ਰਦੂਸ਼ਣ ਕਾਰਨ ਸਾਹ ਲੈਣਾ ਵੀ ਔਖਾ ਹੋ ਗਿਆ ਸੀ, ਜਦਕਿ ਪਹਾੜਾਂ ਵਿੱਚ ਹਾਲਾਤ ਕਾਫ਼ੀ ਬਿਹਤਰ ਹਨ।”
ਇਸੇ ਤਰ੍ਹਾਂ ਗ੍ਰੇਟਰ ਨੋਇਡਾ ਦੇ ਵਸਨੀਕ ਆਨੰਦ ਨੇ ਦੱਸਿਆ, “ਐੱਨ ਸੀ ਆਰ ਵਿੱਚ ਬਹੁਤ ਜ਼ਿਆਦਾ ਹਵਾ ਪ੍ਰਦੂਸ਼ਣ ਹੋਣ ਕਾਰਨ, ਮੈਂ ਆਪਣੇ ਮਾਤਾ-ਪਿਤਾ ਦੇ ਨਾਲ ਸ਼ਿਮਲਾ ਆਇਆ ਹਾਂ।”






