ਕਸੌਲੀ ਵਿੱਚ ਸੋਮਵਾਰ ਸ਼ਾਮ ਨੂੰ ਪੰਜਾਬ ਦੇ ਰਹਿਣ ਵਾਲੇ ਇੱਕ 37 ਸਾਲਾ ਵਿਅਕਤੀ ਨੂੰ ਇੱਕ ਔਰਤ ਅਤੇ ਉਸਦੇ ਪੁੱਤਰ ਨੂੰ ਪਿਸਤੌਲ ਦੀ ਨੋਕ ਉੱਤੇ ਧਮਕਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਨਰਿੰਦਰ ਕੁਮਾਰ ਨੇ ਕਥਿਤ ਤੌਰ ‘ਤੇ ਕਸੌਲੀ ਖੇਤਰ ਦੇ ਪਿੰਡ ਬੰਗੋਆ ਵਿੱਚ ਅੰਜਲੀ ਦੇਵੀ ਦੇ ਘਰ ਦਾਖਲ ਹੋ ਕੇ ਉਸਦੇ 21 ਸਾਲਾ ਪੁੱਤਰ ਦੇ ਸਾਹਮਣੇ ਉਸ ‘ਤੇ ਪਿਸਤੌਲ ਤਾਣ ਦਿੱਤੀ। ਉਸ ਨੇ ਔਰਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਨਾਲ ਹੀ ਖ਼ੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ।
ਅੰਜਲੀ ਦੇਵੀ ਪਹਿਲਾਂ ਗੁਰਦਾਸਪੁਰ ਵਿੱਚ ਨਰਿੰਦਰ ਕੁਮਾਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੀ ਸੀ, ਪਰ ਕੁਝ ਸਮਾਂ ਪਹਿਲਾਂ ਉਹ ਆਪਣੇ ਪਤੀ ਕੋਲ ਵਾਪਸ ਚਲੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਗੱਲ ਤੋਂ ਨਰਿੰਦਰ ਕੁਮਾਰ ਪਰੇਸ਼ਾਨ ਸੀ ਅਤੇ ਉਹ ਚਾਹੁੰਦਾ ਸੀ ਕਿ ਉਹ ਉਸ ਕੋਲ ਵਾਪਸ ਆ ਜਾਵੇ।
ਸੋਲਨ ਦੇ ਐੱਸ ਪੀ ਸਾਈ ਦੱਤਾਤ੍ਰੇਅ ਵਰਮਾ ਨੇ ਦੱਸਿਆ, “ਨਰਿੰਦਰ ਕੁਮਾਰ ਨੇ ਅੰਜਲੀ ਨੂੰ ਇੱਕ ਪਰਿਵਾਰਕ ਵਿਆਹ ਵਿੱਚ ਆਪਣੇ ਨਾਲ ਜਾਣ ਲਈ ਜ਼ੋਰ ਪਾਇਆ, ਜਿਸ ਤੋਂ ਉਸਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਪਿਸਤੌਲ ਦਿਖਾ ਕੇ ਉਸਨੂੰ ਡਰਾਉਣ ਦੀ ਕੋਸ਼ਿਸ਼ ਕੀਤੀ।”
ਨਰਿੰਦਰ ਕੁਮਾਰ ਕਥਿਤ ਤੌਰ ‘ਤੇ 10 ਨਵੰਬਰ ਨੂੰ ਸ਼ਾਮ ਕਰੀਬ 5 ਵਜੇ ਮੁੜ ਔਰਤ ਦੇ ਘਰ ਆਇਆ। ਜਦੋਂ ਔਰਤ ਅਤੇ ਉਸਦਾ ਪਰਿਵਾਰ ਸ਼ਿਕਾਇਤ ਦਰਜ ਕਰਵਾਉਣ ਲਈ ਕੁਠਾਰ ਪੁਲੀਸ ਚੌਕੀ ਗਏ, ਤਾਂ ਉਸਨੇ ਮੋਟਰਸਾਈਕਲ ‘ਤੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਹਥਿਆਰ ਨਾਲ ਉਨ੍ਹਾਂ ਨੂੰ ਲਗਾਤਾਰ ਡਰਾਉਂਦਾ-ਧਮਕਾਉਂਦਾ ਰਿਹਾ।
ਕੁਠਾਰ ਪੁਲੀਸ ਚੌਕੀ ‘ਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਪਿਸਤੌਲ ਬਰਾਮਦ ਕਰ ਲਈ। ਮੁਲਜ਼ਮ ਹਥਿਆਰ ਦਾ ਕੋਈ ਵੀ ਵੈਧ ਲਾਇਸੈਂਸ ਜਾਂ ਦਸਤਾਵੇਜ਼ ਪੇਸ਼ ਕਰਨ ਵਿੱਚ ਨਾਕਾਮ ਰਿਹਾ।
ਕਸੌਲੀ ਪੁਲੀਸ ਨੇ ਅੱਜ ਸਵੇਰੇ ਭਾਰਤੀ ਨਿਆ ਸੰਹਿਤਾ (BNS) ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਲਜ਼ਮ ਖਿਲਾਫ਼ ਐੱਫ ਆਈ ਆਰ ਦਰਜ ਕਰ ਲਈ ਹੈ।






