ਕੈਨੇਡੀਅਨ ਪੁਲੀਸ ਨੇ ਪੰਜਾਬ ਨਾਲ ਸਬੰਧਤ ਭਾਰਤੀ ਮੂਲ ਦੇ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਅੰਤਰ-ਸੂਬਾਈ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜੋ ਕਥਿਤ ਤੌਰ ’ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮੈਨੀਟੋਬਾ ਵਿੱਚ ਕੋਕੀਨ, ਮੇਥਾਮਫੇਟਾਮਾਈਨ, ਕੇਟਾਮਾਈਨ ਅਤੇ ਨੁਸਖ਼ੇ ਵਾਲੀਆਂ ਨਸ਼ੀਲੀਆਂ ਦਵਾਈਆਂ (ਪ੍ਰਿਸਕ੍ਰਿਪਸ਼ਨ ਓਪੀਓਇਡਜ਼) ਦੀ ਸਪਲਾਈ ਕਰਨ ਵਿੱਚ ਸ਼ਾਮਲ ਸੀ।
ਇਹ ਗ੍ਰਿਫ਼ਤਾਰੀਆਂ ‘ਪ੍ਰੋਜੈਕਟ ਪਿੰਕ ਪੈਂਥਰ’ (Project Pink Panther) ਤਹਿਤ ਕੀਤੀਆਂ ਗਈਆਂ ਹਨ, ਜੋ ਕਿ ਦਸੰਬਰ 2025 ਵਿੱਚ ਵਿੰਨੀਪੈਗ ਪੁਲੀਸ ਸਰਵਿਸ (ਡਬਲਿਊਪੀਐੱਸ) ਦੀ ਸੰਗਠਿਤ ਅਪਰਾਧ ਇਕਾਈ ਵੱਲੋਂ ਸ਼ੁਰੂ ਕੀਤੀ ਗਈ ਇੱਕ ਜਾਂਚ ਸੀ। ‘ਮੈਨੀਟੋਬਾ ਜਸਟਿਸ’ ਵੱਲੋਂ ਫੰਡ ਕੀਤੀ ਗਈ ਇਹ ਜਾਂਚ ਇੱਕ ਅਜਿਹੇ ਸੰਗਠਿਤ ਅਪਰਾਧ ਗਰੋਹ ’ਤੇ ਕੇਂਦਰਿਤ ਸੀ, ਜਿਸ ’ਤੇ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਤੋਂ ਮੈਨੀਟੋਬਾ ਵਿੱਚ ਨਸ਼ਿਆਂ ਦੀ ਤਸਕਰੀ ਕਰਨ ਦਾ ਸ਼ੱਕ ਸੀ।
ਜਾਂਚਕਰਤਾਵਾਂ ਨੇ ਪਾਇਆ ਕਿ ਯਾਤਰੀ ਵਾਹਨਾਂ, ਕੋਰੀਅਰ ਸੇਵਾਵਾਂ, ਡਾਕ ਰਾਹੀਂ ਭੇਜੇ ਜਾਣ ਵਾਲੇ ਸਾਮਾਨ ਅਤੇ ਵਪਾਰਕ ਏਅਰਲਾਈਨਾਂ ਰਾਹੀਂ ਨਸ਼ੇ ਵਿੰਨੀਪੈਗ ਪਹੁੰਚਾਏ ਜਾ ਰਹੇ ਸਨ। ਇਹ ਖੇਪਾਂ ਨਿਰਧਾਰਤ ਟਿਕਾਣਿਆਂ ’ਤੇ ਪਹੁੰਚਾਈਆਂ ਜਾਂਦੀਆਂ ਸਨ, ਜਿੱਥੇ ਇਨ੍ਹਾਂ ਨੂੰ ਸਟੋਰ ਕਰਕੇ ਗ਼ੈਰ-ਕਾਨੂੰਨੀ ਨਸ਼ਾ ਵਪਾਰ ਦੇ ਵੱਖ-ਵੱਖ ਪੱਧਰਾਂ ਰਾਹੀਂ ਅੱਗੇ ਵੰਡਿਆ ਜਾਂਦਾ ਸੀ।
26 ਅਗਸਤ, 2026 ਨੂੰ ਵਿੰਨੀਪੈਗ ਪੁਲੀਸ ਸਰਵਿਸ (WPS) ਦੇ ਜਾਂਚਕਰਤਾਵਾਂ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA), ਓਂਟਾਰੀਓ ਪ੍ਰੋਵਿੰਸ਼ੀਅਲ ਪੁਲੀਸ (OPP), ਪੀਲ ਰੀਜਨਲ ਪੁਲੀਸ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਦੀ ਸਹਾਇਤਾ ਨਾਲ ਵਿਨੀਪੈਗ ਅਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।
ਇਸ ਤਲਾਸ਼ੀ ਮੁਹਿੰਮ ਦੌਰਾਨ ਲਗਪਗ 29 ਕਿਲੋ ਮੇਥਾਮਫੇਟਾਮਾਈਨ, 3 ਕਿਲੋ ਕੇਟਾਮਾਈਨ, 1,800 ਐੱਲਐੱਸਡੀ (LSD) ਟੈਬਸ ਅਤੇ 31 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲੀਸ ਨੇ ਲਗਪਗ 1,26,000 ਕੈਨੇਡੀਅਨ ਡਾਲਰ ਦੀ ਨਕਦੀ, ਛੇ ਹਥਿਆਰ, 800 ਤੋਂ ਵੱਧ ਕਾਰਤੂਸ, ਇੱਕ ‘ਕੰਡਕਟਿਡ ਐਨਰਜੀ ਵੈਪਨ’ ਅਤੇ ਚਾਰ ਵਾਹਨ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਇੱਕ ਮਰਸਡੀਜ਼-ਬੈਂਜ਼ ਜੀਐੱਲਸੀ300 (Mercedes-Benz GLC300), ਸ਼ੈਵਰਲੇ ਸਿਲਵੇਰਾਡੋ (Chevrolet Silverado), ਸ਼ੈਵਰਲੇ ਕਰੂਜ਼ (Chevrolet Cruze) ਅਤੇ ਕੈਡੀਲੈਕ ਸੀਟੀਐੱਸ (Cadillac CTS) ਸ਼ਾਮਲ ਹਨ।
ਪੁਲੀਸ ਨੇ ਬਰਾਮਦ ਕੀਤੇ ਗਏ ਨਸ਼ਿਆਂ ਦੀ ਬਾਜ਼ਾਰੀ ਕੀਮਤ ਲਗਪਗ 9,70,000 ਡਾਲਰ ਆਂਕੀ ਹੈ।ਗ੍ਰਿਫ਼ਤਾਰ ਕੀਤੇ ਗਏ ਨੌਂ ਵਿਅਕਤੀਆਂ ਵਿੱਚੋਂ ਛੇ ਵਿਨੀਪੈਗ ਅਤੇ ਤਿੰਨ ਓਂਟਾਰੀਓ ਦੇ ਰਹਿਣ ਵਾਲੇ ਹਨ। ਵਿਨੀਪੈਗ ਤੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਤਰੁਣਦੇਵ ਸਿੰਘ (32), ਦਵਿੰਦਰ ਸਿੰਘ (57), ਅਮਨਦੀਪ ਸਿੰਘ (47), ਮਨਦੀਪ ਸਿੰਘ ਦੱਤਾ (37), ਕਰਨਵੀਰ ਸਿੰਘ (24) ਅਤੇ ਮਗਨਪ੍ਰੀਤ ਬੋਪਾਰਾਏ (25) ਸ਼ਾਮਲ ਹਨ। ਓਂਟਾਰੀਓ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਵੀਰ ਸੰਧੂ (37), ਕਰਨ ਜੋਸ਼ੀ (34) ਅਤੇ ਮਨਜਿੰਦਰ ਸਿੰਘ ਸੱਗੂ (43) ਵਜੋਂ ਹੋਈ ਹੈ।
ਜਦਕਿ ਤਰੁਣਦੇਵ ਸਿੰਘ, ਦਵਿੰਦਰ ਸਿੰਘ ਅਤੇ ਕਰਨਵੀਰ ਸਿੰਘ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ, ਅਮਨਦੀਪ ਸਿੰਘ, ਮਨਦੀਪ ਸਿੰਘ ਦੱਤਾ ਅਤੇ ਮਗਨਪ੍ਰੀਤ ਬੋਪਾਰਾਏ ਨੂੰ ਰਿਹਾਈ ਦੇ ਹੁਕਮਾਂ (ਰਿਲੀਜ਼ ਆਰਡਰਜ਼) ’ਤੇ ਛੱਡ ਦਿੱਤਾ ਗਿਆ ਹੈ। ਓਂਟਾਰੀਓ ਵਿੱਚ ਤਰਨਵੀਰ ਸੰਧੂ ਅਤੇ ਕਰਨ ਜੋਸ਼ੀ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ, ਜਦੋਂਕਿ ਮਨਜਿੰਦਰ ਸਿੰਘ ਸੱਗੂ ਨੂੰ ਰਿਹਾਈ ਦੇ ਹੁਕਮ ’ਤੇ ਛੱਡ ਦਿੱਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ, ਅਪਰਾਧ ਰਾਹੀਂ ਕਮਾਈ ਜਾਇਦਾਦ ਰੱਖਣ, ਹਥਿਆਰਾਂ ਨਾਲ ਸਬੰਧਤ ਅਪਰਾਧਾਂ, ਪਾਬੰਦੀਸ਼ੁਦਾ ਪਦਾਰਥ ਰੱਖਣ ਅਤੇ ਨਿਆਂ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਸਮੇਤ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ।






