ਓਨਟਾਰੀਓ ਦੀ ਇੱਕ ਅਦਾਲਤ ਨੇ 33 ਸਾਲਾ ਭਾਰਤੀ ਮੂਲ ਦੇ ਸਿੱਖ ਟਰੱਕ ਡਰਾਈਵਰ ਨੂੰ ਅਪਰੈਲ 2024 ਵਿੱਚ ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਵਿੱਚ ਲਗਪਗ 4.8 ਮਿਲੀਅਨ ਡਾਲਰ ਦੀ ਕੀਮਤ ਦੀ ਲਗਪਗ 40 ਕਿਲੋ ਕੋਕੀਨ ਦਰਾਮਦ ਕਰਨ ਦੇ ਦੋਸ਼ ਵਿੱਚ ਦੋਸ਼ੀ ਕਰਾਰ ਦਿੱਤਾ ਹੈ।
ਰਣਜੀਤ ਸਿੰਘ ਨੂੰ ਓਨਟਾਰੀਓ ਸੁਪੀਰਿਅਰ ਕੋਰਟ ਦੇ ਜਸਟਿਸ ਸਕੌਟ ਪ੍ਰੈਟ ਵੱਲੋਂ ਸੋਮਵਾਰ ਨੂੰ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਅਤੇ ਤਸਕਰੀ ਦੇ ਉਦੇਸ਼ ਨਾਲ ਆਪਣੇ ਕੋਲ ਰੱਖਣ ਦੇ ਦੋਸ਼ਾਂ ਤਹਿਤ ਦੋਸ਼ੀ ਪਾਇਆ ਗਿਆ। ਜੱਜ ਨੇ ਜੂਨ ਵਿੱਚ ਸਾਰਨੀਆ ਵਿਖੇ ਤਿੰਨ ਹਫ਼ਤੇ ਚੱਲੇ ਮੁਕੱਦਮੇ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਇਆ ਹੈ।
ਰਣਜੀਤ ਸਿੰਘ ਨੇ ਦੋਵਾਂ ਦੋਸ਼ਾਂ ਤੋਂ ਬੇਕਸੂਰ ਹੋਣ ਦੀ ਪਟੀਸ਼ਨ ਦਾਇਰ ਕੀਤੀ ਸੀ। ਇਹ ਮਾਮਲਾ 26 ਅਪਰੈਲ 2024 ਨੂੰ ਬਲੂ ਵਾਟਰ ਬ੍ਰਿਜ ਦੇ ਕੈਨੇਡੀਆਈ ਪਾਸੇ ਉਸ ਦੇ ਟਰੱਕ ਵਿੱਚੋਂ ਮਿਲੇ ਦੋ ਬਕਸਿਆਂ ਵਿੱਚੋਂ 3.6 ਮਿਲੀਅਨ ਤੋਂ 4.8 ਮਿਲੀਅਨ ਡਾਲਰ ਦੇ ਵਿਚਕਾਰ ਮੁੱਲ ਦੀ 40 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਨਾਲ ਸਬੰਧਤ ਹੈ। ਜਸਟਿਸ ਪ੍ਰੈਟ ਨੇ ਕਿਹਾ ਕਿ ਉਨ੍ਹਾਂ ਨੇ ਸਿੰਘ ਦੇ ਬਿਆਨ ‘ਤੇ ਯਕੀਨ ਨਹੀਂ ਕੀਤਾ, ਅਤੇ ਉਸ ਦੀ ਗਵਾਹੀ ਵਿੱਚ ਕਈ ਤਰ੍ਹਾਂ ਦੀਆਂ ਅਸੰਗਤਤਾਵਾਂ ਵੱਲ ਇਸ਼ਾਰਾ ਕੀਤਾ।
ਮੁਕੱਦਮੇ ਦੌਰਾਨ ਸਰਕਾਰੀ ਵਕੀਲ (ਕ੍ਰਾਊਨ) ਨੇ ਦੋਸ਼ ਲਾਇਆ ਕਿ ਸਿੰਘ ਨੇ ਇਲੀਨੋਇਸ ਦੇ ਚੰਨਾਹਨ ਵਿੱਚ ਇੱਕ ਪਾਇਲਟ ਟਰੈਵਲ ਸੈਂਟਰ ਵਿਖੇ ਇੱਕ ਹੋਰ ਟਰੱਕ ਤੋਂ ਕੋਕੀਨ ਦੀਆਂ ਬਣੀਆਂ ਇੱਟਾਂ ਇਕੱਠੀਆਂ ਕੀਤੀਆਂ ਸਨ। ਫਿਰ ਉਸ ਨੇ ਕਥਿਤ ਤੌਰ ‘ਤੇ ਇਲੀਨੋਇਸ ਦੇ ਸ਼ੋਰਵੁੱਡ ਵਿੱਚ ਇੱਕ ਹੋਮ ਡਿਪੋ ਸਟੋਰ ਤੋਂ ਗੱਤੇ ਦੇ ਡੱਬੇ ਖਰੀਦੇ, ਨਸ਼ੀਲੇ ਪਦਾਰਥਾਂ ਨੂੰ ਪੈਕ ਕੀਤਾ ਅਤੇ ਮਿਸ਼ੀਗਨ ਦੇ ਲੈਂਸਿੰਗ ਵਿੱਚ ਸੈਂਡਰਜ਼ ਰੋਡ ‘ਤੇ ਇੱਕ ਯਾਰਡ ਵਿੱਚ ਆਪਣੇ ਟ੍ਰੇਲਰ ਉੱਤੇ ਲੱਦ ਦਿੱਤਾ। ਇਹ ਡੱਬੇ ਬਾਅਦ ਵਿੱਚ ਹੋਰ ਸਾਮਾਨ ਦੇ ਇੱਕ ਪੈਲੇਟ ਵਿੱਚ ਛੁਪਾਏ ਗਏ ਸਨ।
ਰਣਜੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਭਾਵੇਂ ਉਸ ਦੇ ਟ੍ਰੇਲਰ ਵਿੱਚੋਂ ਕੋਕੀਨ ਬਰਾਮਦ ਹੋਈ ਸੀ, ਪਰ ਨਾ ਤਾਂ ਉਸ ਨੂੰ ਇਹ ਨਸ਼ੀਲੇ ਪਦਾਰਥ ਦਿੱਤੇ ਗਏ ਸਨ ਅਤੇ ਨਾ ਹੀ ਉਹ ਜਾਣਦਾ ਸੀ ਕਿ ਉਹ ਉੱਥੇ ਕਿਵੇਂ ਪਹੁੰਚੇ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੀ ਕੰਪਨੀ ਦੇ ਮਾਲਕ ਨੇ ਉਸ ਨੂੰ ਹੋਮ ਡਿਪੋ ਦੇ ਡੱਬੇ ਖਰੀਦਣ ਅਤੇ ਉਨ੍ਹਾਂ ਨੂੰ ਮਿਸ਼ੀਗਨ ਯਾਰਡ ਵਿਖੇ ਕਿਸੇ ਹੋਰ ਟਰੱਕ ਕੋਲ ਛੱਡਣ ਲਈ ਕਿਹਾ ਸੀ। ਉਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਸ ਨੇ ਉੱਥੇ ਇੱਕ ਅਣਪਛਾਤੇ ਵਿਅਕਤੀ ਨੂੰ ਦੇਖਿਆ ਸੀ ਅਤੇ ਵਾਸ਼ਰੂਮ ਦੀ ਵਰਤੋਂ ਕਰਨ ਦੌਰਾਨ 10 ਤੋਂ 15 ਮਿੰਟ ਲਈ ਆਪਣਾ ਟਰੱਕ ਬਿਨਾਂ ਕਿਸੇ ਦੇਖ-ਰੇਖ ਤੋਂ ਛੱਡ ਦਿੱਤਾ ਸੀ।
ਹਾਲਾਂਕਿ, ਜੱਜ ਨੇ ਸਰਕਾਰੀ ਵਕੀਲ ਦੇ ਕੇਂਦਰੀ ਪੱਖ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਇਸ ਗੱਲੋਂ ਸੰਤੁਸ਼ਟ ਹਨ ਕਿ ਰਣਜੀਤ ਸਿੰਘ ਨੇ ਸੰਭਾਵਿਤ ਤੌਰ ‘ਤੇ ਟਰੈਵਲ ਸੈਂਟਰ ਵਿਖੇ ਕਿਸੇ ਹੋਰ ਡਰਾਈਵਰ ਤੋਂ ਕੋਕੀਨ ਪ੍ਰਾਪਤ ਕੀਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਰਣਜੀਤ ਨੇ ਨਸ਼ੀਲੇ ਪਦਾਰਥ ਕਿਸ ਸਮੇਂ ਪ੍ਰਾਪਤ ਕੀਤੇ, ਇਹ ਮਹੱਤਵਪੂਰਨ ਨਹੀਂ ਹੈ, ਕਿਉਂਕਿ ਜਦੋਂ ਉਹ ਕੈਨੇਡਾ ਵਿੱਚ ਦਾਖ਼ਲ ਹੋਇਆ ਤਾਂ ਉਹ ਉਸ ਦੇ ਕਬਜ਼ੇ ਵਿੱਚ ਸਨ ਅਤੇ ਉਹ ਜਾਣਦਾ ਸੀ ਕਿ ਉਹ ਟ੍ਰੇਲਰ ਦੇ ਅੰਦਰ ਸਨ। ਰਣਜੀਤ, ਜਿਸ ਨੂੰ ਮਈ 2024 ਦੇ ਸ਼ੁਰੂ ਵਿੱਚ 200,000 ਡਾਲਰ ਦੀ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ, ਸਜ਼ਾ ਸੁਣਾਏ ਜਾਣ ਤੱਕ ਜ਼ਮਾਨਤ ‘ਤੇ ਬਾਹਰ ਰਹੇਗਾ। ਸਜ਼ਾ ਸੁਣਾਉਣ ਦੀ ਸੁਣਵਾਈ ਫਰਵਰੀ ਲਈ ਤੈਅ ਕੀਤੀ ਗਈ ਹੈ।





