ਨਿਊਯਾਰਕ ‘ਚ ਉੱਤਰ ਪ੍ਰਦੇਸ਼ ਦੇ ਬਿਜਨੌਰ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਮਨਦੀਪ ਕੌਰ ਨੇ ਇੱਕ ਵੀਡੀਓ ਵੀ ਰਿਕਾਰਡ ਕੀਤੀ ਸੀ। ਮਨਦੀਪ ਕੌਰ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਪਰਿਵਾਰ ਨੇ ਪਤੀ ਅਤੇ ਸਹੁਰੇ ਵਾਲਿਆਂ ਖਿਲਾਫ ਪੁੱਤਰ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਅਤੇ 50 ਲੱਖ ਰੁਪਏ ਦਾ ਦਾਜ ਮੰਗਣ ਦਾ ਮਾਮਲਾ ਦਰਜ ਕੀਤਾ ਹੈ। ਮਨਦੀਪ ਦਾ ਵਿਆਹ 1 ਫਰਵਰੀ 2015 ਨੂੰ ਜ਼ਿਲ੍ਹੇ ਦੇ ਹੀ ਪਿੰਡ ਬਦੀਆ ਦੇ ਰਹਿਣ ਵਾਲੇ ਰਣਜੋਤ ਵੀਰ ਸਿੰਘ ਨਾਲ ਹੋਇਆ ਸੀ।
ਮਨਦੀਪ ਕੌਰ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਲਗਾਤਾਰ ਦੋ ਧੀਆਂ ਨੂੰ ਜਨਮ ਦੇਣਾ ਮਨਦੀਪ ਕੌਰ ਲਈ ਘਾਤਕ ਸਾਬਤ ਹੋਇਆ। ਇਸ ਤੋਂ ਬਾਅਦ ਮਨਦੀਪ ਦੇ ਪਤੀ ਅਤੇ ਸੋਹਰੇ ਨੇ ਉਸ ‘ਤੇ ਇੰਨੇ ਜ਼ੁਲਮ ਕੀਤੇ ਕਿ ਉਹ ਫਾਹਾ ਲੈ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਈ। ਮਨਦੀਪ ਕੌਰ ਦੀ ਭੈਣ ਕੁਲਦੀਪ ਕੌਰ ਨੇ ਰਣਜੋਤ ਤੇ ਉਸ ਦੇ ਪਰਿਵਾਰ ‘ਤੇ ਉਸ ਦੀਆਂ ਦੋ ਧੀਆਂ ਹੋਣ ਕਾਰਨ ਤਾਹਨੇ ਮਾਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਕੁਲਦੀਨ ਨੇ ਦੱਸਿਆ ਕਿ ਰਣਜੋਤ ਅਤੇ ਉਸ ਦਾ ਪਰਿਵਾਰ ਹਮੇਸ਼ਾ ਕਹਿੰਦੇ ਸਨ ਕਿ ਮਨਦੀਪ ਕਦੇ ਪੁੱਤਰ ਨੂੰ ਜਨਮ ਨਹੀਂ ਦੇ ਸਕਦੀ। ਭੈਣ ਮੁਤਾਬਕ ਮਨਦੀਪ ਨੇ ਖੁਦਕੁਸ਼ੀ ਕਰਨ ਤੋਂ ਇਕ ਦਿਨ ਪਹਿਲਾਂ ਵੀ ਉਸ ਨੂੰ ਫੋਨ ਕੀਤਾ ਸੀ।
ਰਣਜੋਤ ਨੂੰ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ
ਕੁਲਦੀਪ ਨੇ ਦੱਸਿਆ ਕਿ ਮਨਦੀਪ ਆਪਣੇ ਪਤੀ ਤੋਂ ਬਹੁਤ ਡਰਦੀ ਸੀ। ਕੁਲਦੀਪ ਕੌਰ ਨੇ ਕਿਹਾ ਕਿ ਮੇਰੀ ਭਾਰਤ ਸਰਕਾਰ ਨੂੰ ਇੱਕ ਹੀ ਬੇਨਤੀ ਹੈ ਕਿ ਮਨਦੀਪ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਰਣਜੋਤ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਉਸਦੀ ਆਤਮਾ ਨੂੰ ਸ਼ਾਂਤੀ ਮਿਲੇ। ਕੁਲਦੀਪ ਨੇ ਮਨਦੀਪ ਦੀਆਂ ਦੋਵੇਂ ਧੀਆਂ ਨੂੰ ਕਸਟਡੀ ਲੈਣ ਦੀ ਗੱਲ ਵੀ ਕਹੀ।
ਦੱਸ ਦਈਏ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਮਨਦੀਪ ਨੇ ਵੀਡੀਓ ਰਿਕਾਰਡ ਕੀਤੀ ਸੀ ਅਤੇ ਉਸ ਨੂੰ ਸੋਸ਼ਲ ਮੀਡਿਆ ‘ਤੇ ਅਪਲੋਡ ਕਰ ਦਿੱਤਾ ਸੀ। ਵੀਡੀਓ ‘ਚ ਉਹ ਰੋਂਦੀ ਨਜ਼ਰ ਆ ਰਹੀ ਹੈ ਅਤੇ ਆਪਣਾ ਦੁੱਖ ਸਾਂਝਾ ਕੀਤਾ ਹੈ। ਮਨਦੀਪ ਕੌਰ ਦੀਆਂ ਦੋ ਬੇਟੀਆਂ ਹਨ ਅਤੇ ਉਸ ਦੇ ਪਤੀ ਰਣਜੋਤਵੀਰ ਸਿੰਘ ਸਿੰਧੂ ਨੇ ਕਥਿਤ ਤੌਰ ‘ਤੇ ਪੁੱਤਰ ਨਾ ਹੋਣ ਕਾਰਨ ਕਈ ਸਾਲਾਂ ਤੋਂ ਉਸ ਨਾਲ ਦੁਰਵਿਵਹਾਰ ਅਤੇ ਕੁੱਟਮਾਰ ਕੀਤੀ ਸੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਮਨਦੀਪ ਕੌਰ ਵਾਰ-ਵਾਰ ਰੋਂਦੀ ਹੋਈ ਕਹਿ ਰਹੀ ਹੈ ਕਿ ਮੈਂ ਸਾਲਾਂ ਤੋਂ ਇਹ ਸਭ ਸਹਿ ਰਹੀ ਹਾਂ। ਮੈਨੂੰ ਉਮੀਦ ਸੀ ਕਿ ਇੱਕ ਦਿਨ ਸਭ ਠੀਕ ਹੋ ਜਾਵੇਗਾ ਪਰ ਸਮਾਂ ਬੀਤ ਗਿਆ ਪਰ ਅੱਜ ਵੀ ਹਾਲਾਤ ਉਹੀ ਹਨ। ਉਸ ਨੇ ਕਿਹਾ ਕਿ ਅੱਠ ਸਾਲ ਹੋ ਗਏ ਹਨ, ਮੈਂ ਹੁਣ ਹਰ ਰੋਜ਼ ਦੀ ਕੁੱਟਮਾਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ।






