ਅਮਰੀਕਾ ‘ਚ ਭਾਰਤੀ ਵਿਦਿਆਰਥੀ ਨਾਲ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਅਧਿਕਾਰੀਆਂ ਨੇ 20 ਸਾਲਾ ਭਾਰਤੀ ਵਿਦਿਆਰਥੀ ਨੂੰ ਅਪਰਾਧੀਆਂ ਦੇ ਚੁੰਗਲ ਤੋਂ ਛੁਡਵਾਇਆ ਹੈ। ਰਿਪੋਰਟਾਂ ਮੁਤਾਬਕ ਵਿਦਿਆਰਥੀ ਦੇ ਚਚੇਰੇ ਭਰਾ ਨੇ ਦੋ ਵਿਅਕਤੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਬਾਥਰੂਮ ਤੱਕ ਪਹੁੰਚ ਕੀਤੇ ਬਿਨਾਂ ਮਹੀਨਿਆਂ ਤੱਕ ਉਸ ਨੂੰ ਬੰਧਕ ਬਣਾ ਕੇ ਰੱਖਿਆ।
ਅਧਿਕਾਰੀਆਂ ਨੇ ਪੀੜਤ ਵਿਦਿਆਰਥੀ ਦਾ ਨਾਂ ਜਾਰੀ ਨਹੀਂ ਕੀਤਾ ਹੈ। ਦਰਅਸਲ, ਬੁੱਧਵਾਰ ਨੂੰ ਪੁਲਿਸ ਸੇਂਟ ਚਾਰਲਸ ਕਾਉਂਟੀ ਦੇ ਇੱਕ ਹਾਈਵੇਅ ਦੇ ਕੋਲ ਇੱਕ ਘਰ ਪਹੁੰਚੀ। ਤਲਾਸ਼ੀ ਤੋਂ ਬਾਅਦ ਪੁਲਿਸ ਨੇ ਵੈਂਕਟੇਸ਼ ਆਰ ਸੱਤਾਰੂ, ਸ਼ਰਵਨ ਵਰਮਾ ਪੇਨੁਮੇਤਚਾ ਅਤੇ ਨਿਖਿਲ ਵਰਮਾ ਪੇਨੁਮੇਤਚਾ ਨਾਮ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਵਿਦਿਆਰਥੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ
ਇੱਕ ਅਧਿਕਾਰੀ, ਜੋਅ ਮੈਕਕੁਲੋਚ ਨੇ ਕਿਹਾ ਕਿ ਪੀੜਤ ਵਿਦਿਆਰਥੀ ਹੁਣ ਸੁਰੱਖਿਅਤ ਹੈ, ਪਰ ਉਸ ਦੇ ਸਾਰੇ ਸਰੀਰ ‘ਤੇ ਸੱਟਾਂ ਅਤੇ ਕੱਟਾਂ ਦੇ ਨਾਲ-ਨਾਲ ਕਈ ਹੱਡੀਆਂ ਦੇ ਫਰੈਕਚਰ ਹਨ। ਵਿਦਿਆਰਥੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਵਿਦਿਆਰਥੀ ਨੂੰ ਸੱਤ ਮਹੀਨਿਆਂ ਤੋਂ ਘਰ ਦੇ ਬੇਸਮੈਂਟ ਵਿੱਚ ਬੰਦ ਰੱਖਿਆ
ਦੋਸ਼ਾਂ ਮੁਤਾਬਕ ਵਿਦਿਆਰਥਣ ਨੂੰ ਤਿੰਨਾਂ ਮੁਲਜ਼ਮਾਂ ਨੇ ਸੱਤ ਮਹੀਨਿਆਂ ਤੱਕ ਘਰ ਦੇ ਇੱਕ ਬੇਸਮੈਂਟ ਵਿੱਚ ਬੰਦ ਰੱਖਿਆ। ਅਪਰਾਧੀ ਵਿਦਿਆਰਥੀ ਨੂੰ ਬਾਥਰੂਮ ਵੀ ਨਹੀਂ ਜਾਣ ਦੇ ਰਹੇ ਸਨ ਅਤੇ ਉਸ ਨੂੰ ਗੰਦੇ ਫਰਸ਼ ‘ਤੇ ਸੌਣ ਲਈ ਮਜਬੂਰ ਕਰ ਰਹੇ ਸਨ।
ਸਥਾਨਕ ਅਖਬਾਰ ਸੇਂਟ ਲੁਈਸ ਪੋਸਟ ਮੁਤਾਬਕ ਵਿਦਿਆਰਥੀ ਨੂੰ ਬਿਜਲੀ ਦੀਆਂ ਤਾਰਾਂ, ਪੀਵੀਸੀ ਪਾਈਪਾਂ, ਰਾਡਾਂ, ਡੰਡਿਆਂ ਅਤੇ ਵਾਸ਼ਿੰਗ ਮਸ਼ੀਨ ਦੀ ਪਾਈਪ ਨਾਲ ਕੁੱਟਿਆ ਗਿਆ। ਮੈਕਕੁਲੋਚ ਨੇ ਵੀਰਵਾਰ ਨੂੰ ਮੀਡੀਆ ਨੂੰ ਕਿਹਾ, “ਇਹ ਬਿਲਕੁਲ ਅਣਮਨੁੱਖੀ ਹੈ ਕਿ ਕਿਵੇਂ ਇੱਕ ਮਨੁੱਖ ਦੂਜੇ ਮਨੁੱਖ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਸਕਦਾ ਹੈ।”






