ਪੁਲਿਸ ਥਾਣਾ ਅਜਨਾਲਾ ਨੇ ਦੁਕਾਨਦਾਰ ਨਵਤੇਜ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਗ੍ਰੰਥਗੜ੍ਹ ਦੀ ਸ਼ਿਕਾਇਤ ’ਤੇ ਉਸ ਦੇ ਘਰ ਦੇ ਸਾਮਾਨ ਦੀ ਤੋੜ-ਭੰਨ ਕਰਨ ਅਤੇ ਦੁਕਾਨ ’ਚੋਂ ਨਕਦੀ ਲੁੱਟਣ ਸਮੇਤ ਉਸ ਦੀ ਪਤਨੀ ਦੇ ਗਲ ’ਚ ਪਾਈ ਹੋਈ ਸੋਨੇ ਦੀ ਚੈਨੀ ਨੂੰ ਖੋਹਣ ਦੇ ਇਲਜ਼ਾਮ ’ਚ ਨਿੰਦੀ ਮਸੀਹ ਪੁੱਤਰ ਮੁਨਸ਼ੀ ਮਸੀਹ, ਜੋਬਨ ਮਸੀਹ, ਗਗਨ ਮਸੀਹ, ਜਗਤਪ੍ਰੀਤ ਮਸੀਹ ਪੁਤਰਾਨ ਨਿੰਦੀ ਮਸੀਹ, ਮਹਿੰਦਰ ਮਸੀਹ ਪੁੱਤਰ ਸੋਖਾ ਮਸੀਹ ਵਾਸੀ ਗ੍ਰੰਥਗੜ੍ਹ, ਅਕਾਸ਼, ਤੇਜਬੀਰ ਲੱਖੂਵਾਲ ਅਤੇ ਗਗਨ ਮਸੀਹ ਪੁੱਤਰ ਫਰੀਦ ਮਸੀਹ ਵਾਸੀ ਬਿਕਰਾਊਰ ਸਮੇਤ 35 ਹੋਰ ਅਣਪਛਾਤੇ ਰਵਾਇਤੀ ਹਥਿਆਰਾਂ ਨਾਲ ਲੈਸ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਮੁਲਜ਼ਮਾਂ ’ਚੋਂ ਨਿੰਦੀ ਮਸੀਹ, ਤੇਜਬੀਰ ਤੇ ਗਗਨ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀ 40 ਦੇ ਕਰੀਬ ਫਰਾਰ ਦੱਸੇ ਗਏ ਹਨ।
ਪ੍ਰਭਾਵਿਤ ਦੁਕਾਨਦਾਰ ਨਵਤੇਜ਼ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਨੂੰ 7 ਵਜੇ ਦੇ ਕਰੀਬ ਉਹ ਆਪਣੀ ਦੁਕਾਨ ’ਚ ਪਤਨੀ ਸੰਦੀਪ ਕੌਰ ਅਤੇ ਜਵਾਈ ਨਾਲ ਬੈਠੇ ਹੋਏ ਸਨ। ਉਨ੍ਹਾਂ ਦਾ ਪਿਤਾ ਗੁਰਭੇਜ਼ ਸਿੰਘ ਵੀ ਘਰ ਵਿਚ ਹੀ ਮੌਜੂਦ ਸੀ ਕਿ ਗਲੀ ਵਿੱਚ ਜਦੋਂ ਲਲਕਾਰੇ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਪਿਤਾ ਨੇ ਘਰ ਦਾ ਮੁੱਖ ਦਰਵਾਜਾ ਬੰਦ ਕਰ ਦਿੱਤਾ। ਹਜੂਮ ਦੀ ਅਗਵਾਈ ਕਰ ਰਹੇ ਉਕਤ ਕਥਿਤ ਮੁਲਜ਼ਮਾਂ ਨੇ ਘਰ ਦਾ ਮੁੱਖ ਦਰਵਾਜ਼ਾ ਤੋੜ ਦਿੱਤਾ ਅਤੇ ਘਰ ’ਚ ਜਬਰੀ ਦਾਖਲ ਹੋ ਕੇ ਉਨ੍ਹਾਂ ਦੇ ਜਵਾਈ ਕੰਵਲਜੀਤ ਸਿੰਘ ਦੀ ਵਰਨਾ ਕਾਰ ਦੀ ਤੋੜ-ਭੰਨ ਕਰਨ ਸਮੇਤ ਘਰ ਦੇ ਸਾਜ਼ੋ-ਸਾਮਾਨ ਅਤੇ ਸ਼ੀਸ਼ੇ ਦੀਆਂ ਬੂਹੇ-ਬਾਰੀਆਂ ਦੀ ਭੰਨ-ਤੋੜ ਕੀਤੀ ਗਈ। ਵਿਰੋਧ ਕਰਨ ’ਤੇ ਕਥਿਤ ਮੁਲਜ਼ਮ ਲਲਕਾਰੇ ਮਾਰਦੇ ਹੋਏ ਉਸ ਦੀ ਦੁਕਾਨ ਵਿੱਚ ਵੀ ਦਾਖਲ ਹੋ ਗਏ ਅਤੇ ਗੱਲੇ ’ਚੋਂ 3500 ਰੁਪਏ ਦੀ ਨਕਦੀ ਲੁੱਟਣ ਉਪਰੰਤ ਉਸ ਦੀ ਪਤਨੀ ਸੰਦੀਪ ਕੌਰ ਵੱਲੋਂ ਗਲੇ ਵਿਚ ਪਾਈ ਹੋਈ ਇੱਕ ਤੋਲੇ ਸੋਨੇ ਦੀ ਚੈਨੀ ਵੀ ਜਬਰੀ ਖੋਹ ਲਈ ਗਈ। ਉਸ ਦੇ ਪਿਤਾ ਗੁਰਭੇਜ ਸਿੰਘ ਦੀ ਮਾਰ-ਕੁੱਟ ਕਰ ਕੇ ਜ਼ਖਮੀ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਝਗੜੇ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਗਿਆ ਹੈ।






