ਗੁਰੂ ਕਾ ਬਾਗ: ਅੰਮ੍ਰਿਤਸਰ ਤੋਂ ਫਤਹਿਗੜ ਚੂੜੀਆਂ ਰੋਡ ਤੇ ਸਥਿਤ ਪਿੰਡ ਬੱਲ ਖੁਰਦ ਨੇੜੇ ਕਾਰ ਤੇ ਬੱਸ ਦੀ ਆਹਮੋ ਸਾਹਮਣੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਤੇ 2 ਬੱਚਿਆਂ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੰਬੋਅ ਦੇ ਮੁੱਖੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਬੱਲ ਖੁਰਦ ਦੇ ਵਸਨੀਕ ਹਰਦੀਪ ਸਿੰਘ (27) ਪੁੱਤਰ ਮਲੂਕ ਸਿੰਘ ਆਪਣੇ ਭਰਾ ਦੇ ਬੱਚਿਆਂ ਨੂੰ ਕਾਰ ਵਿਚ ਸਕੂਲ ਛੱਡਣ ਲਈ
ਅੰਮ੍ਰਿਤਸਰ ਵੱਲ ਨੂੰ ਜਾ ਰਿਹਾ ਸੀ ਕਿ ਪਿੰਡ ਮੁਰਾਦਪੁਰਾ ਤੇ ਬੱਲ ਖੁਰਦ ਦੇ ਵਿਚਕਾਰ ਅੰਮ੍ਰਿਤਸਰ ਵੱਲੋਂ ਆ ਰਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵੱਲੋਂ ਟ੍ਰੈਕਟਰ ਟਰਾਲੀ ਨੂੰ ਓਵਰ ਟੇਕ ਕਰਦੇ ਸਮੇਂ ਕਾਰ ਵਿਚ ਜਾ ਵੱਜੀ ਜਿਸ ਦੇ ਸਿੱਟੇ ਵਜੋਂ ਉਕਤ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦ ਕਿ ਉਸ ਦੇ ਭਤੀਜੇ ਨਿਰਵੈਰ ਸਿੰਘ (10) ਅਤੇ ਜਸਕਰਨ ਸਿੰਘ (8) ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਜਿੰਨਾ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਧਰ ਥਾਣਾ ਕੰਬੋਅ ਵੱਲੋਂ ਬੱਸ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਇੱਕ ਮਹੀਨਾ ਪਹਿਲਾਂ ਹੀ ਦੁਬਈ ਤੋਂ ਭਾਰਤ ਆਇਆ ਸੀ ਤੇ 9 ਜਨਵਰੀ 2024 ਨੂੰ ਉਸ ਦਾ ਵਿਆਹ ਹੋਇਆ ਸੀ।






