ਅੰਮ੍ਰਿਤਸਰ : ਥਾਣਾ ਬਿਆਸ ਦੀ ਪੁਲਿਸ ਨੇ ਕਾਰ ਚੋਰੀ ਕਰਨ ਦੇ ਦੋਸ਼ ਹੇਠ ਸ਼ਮਸ਼ੇਰ ਸਿੰਘ ਪਹਿਲਵਾਨ ਵਾਸੀ ਦੀਨਾਨਗਰ ਅਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਬਲਰਾਜ ਸਿੰਘ ਵਾਸੀ ਖੁਜਾਲਾ ਥਾਣਾ ਤਰਸਿੱਕਾ ਨੇ ਦੱਸਿਆ ਕਿ ਉਸ ਦੇ ਦੋਸਤ ਜੁਗਰਾਜ ਸਿੰਘ ਨੇ ਉਸ ਦੀ ਦੋਸਤੀ ਦੀਨਾਨਗਰ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਪਹਿਲਵਾਨ ਨਾਲ ਕਰਵਾਈ ਸੀ। ਉਸ ਦੇ ਚਾਚੇ ਕੋਲ ਇਕ ਸਟੱਡ ਹੈ ਅਤੇ ਬਹੁਤ ਸਾਰੇ ਕੀਮਤੀ ਘੋੜੇ ਹਨ। ਉਹ ਉਹਨਾਂ ਦਾ ਵਪਾਰ ਕਰਦਾ ਹੈ। ਮੁਲਜ਼ਮ 25 ਜਨਵਰੀ 2024 ਨੂੰ ਚਾਚੇ ਕੋਲ ਰੱਖੀ ਘੋੜੀ ਦੇਖਣ ਲਈ ਪਿੰਡ ਖੁਜਾਲਾ ਆਇਆ ਸੀ। ਜਿਸ ਨੂੰ ਦੇਖ ਕੇ ਉਸ ਨੇ ਬਟਾਲਾ ਜਾਣਾ ਸੀ ਅਤੇ ਉਹ ਖੁਦ ਉਸ ਨੂੰ ਆਪਣੀ ਕਾਰ ਵਿਚ ਬਿਠਾ ਕੇ ਬਟਾਲਾ ਛੱਡਣ ਚਲਾ ਗਿਆ।
ਜੈਂਤੀਪੁਰ ਵਿੱਚ ਸ਼ਮਸ਼ੇਰ ਸਿੰਘ ਨੇ ਇਕ ਅਣਪਛਾਤੇ ਨੌਜਵਾਨ ਨੂੰ ਬੁਲਾ ਕੇ ਆਪਣੇ ਨਾਲ ਹੀ ਕਾਰ ਵਿਚ ਬਿਠਾ ਲਿਆ ਅਤੇ ਜਦੋਂ ਉਹ ਰਾਤ 11 ਵਜੇ ਦੇ ਕਰੀਬ ਬਟਾਲਾ ਪਹੁੰਚਿਆ ਤਾਂ ਉਸ ਨੂੰ ਗੁਰਦਾਸਪੁਰ ਦੀ ਕੋਈ ਬੱਸ ਨਹੀਂ ਮਿਲੀ ਜਿਸ ’ਤੇ ਸ਼ਮਸ਼ੇਰ ਸਿੰਘ ਨੇ ਉਨ੍ਹਾਂ ਨੂੰ ਬਿਆਸ ’ਚ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਛੱਡਣ ਲਈ ਕਿਹਾ। 26 ਜਨਵਰੀ 2024 ਨੂੰ ਰਾਤ ਕਰੀਬ 11 ਵਜੇ ਜੀਟੀ ਰੋਡ ਉਮਰਾਨੰਗਲ ਢਾਬੇ ਕੋਲ ਪਹੁੰਚ ਕੇ ਜਦੋਂ ਉਹ ਖਾਣਾ ਖਾਣ ਲੱਗਾ ਤਾਂ ਸ਼ਮਸ਼ੇਰ ਸਿੰਘ ਅਤੇ ਉਸ ਦਾ ਅਣਪਛਾਤਾ ਸਾਥੀ ਟਾਇਲਟ ਜਾਣ ਦੇ ਬਹਾਨੇ ਹੋਟਲ ਦੇ ਬਾਹਰ ਆ ਗਏ ਅਤੇ ਕਾਰ ਚੋਰੀ ਕਰ ਲਈ। ਉਸ ਦੀ ਕਾਰ (ਪੀ.ਬੀ.-02-ਸੀਜੇ-3700) ਲੈ ਕੇ ਭੱਜ ਗਏ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






