66 ਫੁੱਟੀ ਰੋਡ ’ਤੇ ਸਥਿਤ ਵ੍ਹਾਈਟ ਡਾਇਮੰਡ ਰਿਜ਼ੋਰਟ ’ਚ ਡੀਐੱਸਪੀ ਦੀ ਬੇਟੀ ਦੇ ਵਿਆਹ ਦੌਰਾਨ ਅਣਪਛਾਤੀ ਮਹਿਲਾ ਚੋਰ ਨੇ ਉਨ੍ਹਾਂ ਦੀ ਪਤਨੀ ਦਾ ਪਰਸ ਚੋਰੀ ਕਰ ਲਿਆ। ਪਰਸ ’ਚ ਡੇਢ ਲੱਖ ਰੁਪਏ ਦੀ ਨਕਦੀ, ਇਕ ਮੋਬਾਈਲ ਫ਼ੋਨ ਤੇ ਸੋਨੇ ਦੇ ਗਹਿਣੇ ਸਨ। ਥਾਣਾ-7 ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਤਨਾਮ ਸਿੰਘ ਜੋ ਕਿ ਇਸ ਵੇਲੇ ਹੁਸ਼ਿਆਰਪੁਰ ਵਿਖੇ ਤਾਇਨਾਤ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਐਤਵਾਰ ਨੂੰ ਵਾਈਟ ਡਾਇਮੰਡ ਰਿਜ਼ੋਰਟ ਵਿਖੇ ਸੀ। ਇਸ ਦੌਰਾਨ ਉਸ ਦੀ ਪਤਨੀ ਦਾ ਪਰਸ ਚੋਰੀ ਹੋ ਗਿਆ। ਪਰਸ ’ਚ ਕਰੀਬ ਡੇਢ ਲੱਖ ਰੁਪਏ, ਇਕ ਮੋਬਾਈਲ ਫ਼ੋਨ, ਸੋਨੇ ਦੇ ਗਹਿਣੇ ਤੇ ਜ਼ਰੂਰੀ ਦਸਤਾਵੇਜ਼ ਸਨ।
ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕਰਨ ’ਚ ਲੱਗੀ ਹੋਈ ਹੈ। ਡੀਐੱਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਪਾਰਟੀ ਦੌਰਾਨ ਉਨ੍ਹਾਂ ਨੇ ਆਪਣੀ ਲੜਕੀ ਨੂੰ ਮਿਲਣ ਲਈ ਗੁਰਦੁਆਰੇ ਜਾਣਾ ਸੀ। ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਪਹੁੰਚਿਆ ਤੇ ਫੇਰਿਆਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਹ ਸਾਰਾ ਕੰਮ ਕਰੀਬ 1.30 ਘੰਟੇ ਤੱਕ ਚੱਲਿਆ। ਜਦੋਂ ਡੀਐੱਸਪੀ ਸਤਨਾਮ ਸਿੰਘ ਜਦੋਂ ਉਸ ਦੀ ਪਤਨੀ ਉਥੋਂ ਜਾਣ ਲੱਗੀ ਤਾਂ ਉਸ ਨੇ ਦੇਖਿਆ ਕਿ ਉਸ ਦਾ ਪਰਸ ਗਾਇਬ ਸੀ। ਪਰਸ ਨੂੰ ਹਰੇਕ ਥਾਂ ਤੇ ਲੱਭਿਆ ਪਰ ਕੁਝ ਮਿਲਿਆ।
ਇਸ ਤੋਂ ਬਾਅਦ ਡੀਐੱਸਪੀ ਨੇ ਤੁਰੰਤ ਥਾਣਾ 7 ਦੀ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਧਾਰਮਿਕ ਸਥਾਨ ’ਤੇ ਤੇ ਰਿਜੋਰਟ ’ਚ ਲੱਗੇ ਸੀਸੀਟੀਵੀ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਦੋ ਔਰਤਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਸੀਸੀਟੀਵੀ ਚੈੱਕ ਕਰਦੇ ਹੋਏ ਪੁਲਿਸ ਦੀ ਜਾਂਚ 66 ਫੁੱਟ ਰੋਡ ਤੱਕ ਪਹੁੰਚ ਗਈ ਹੈ। ਦੋਹਾਂ ਨੂੰ ਆਖਰੀ ਵਾਰ ਉੱਥੇ ਦੇਖਿਆ ਗਿਆ ਸੀ। ਇਸ ਸਬੰਧੀ ਜਦੋਂ ਥਾਣਾ 7 ਦੇ ਇੰਚਾਰਜ ਇੰਸਪੈਕਟਰ ਮੁਕੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਤਕਨੀਕੀ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਮੁਲਜ਼ਮ ਔਰਤਾਂ ਖ਼ਿਲਾਫ ਅਹਿਮ ਸੁਰਾਗ ਮਿਲੇ ਹਨ, ਅਜਿਹੇ ’ਚ ਪੁਲਿਸ ਜਲਦ ਹੀ ਉਨ੍ਹਾਂ ਦੇ ਠਿਕਾਣਿਆਂ ’ਤੇ ਪਹੁੰਚ ਕੇ ਦੋਵੇਂ ਦੋਸ਼ੀ ਔਰਤਾਂ ਨੂੰ ਗਿ੍ਰਫਤਾਰ ਕਰ ਲਵੇਗੀ।






