ਖੰਨਾ : ਇਨ੍ਹੀਂ ਦਿਨੀਂ ਵਾਰਡ-25, ਮਾਲੇਰਕੋਟਲਾ ਰੋਡ, ਖੰਨਾ ਦੇ ਵਸਨੀਕਾਂ ’ਚ ਬਾਂਦਰਾਂ ਦੇ ਝੁੰਡ ਦੀ ਭਾਰੀ ਦਹਿਸ਼ਤ ਬਣੀ ਹੋਈ ਹੈ। ਗਲੀਆਂ ’ਚ ਤੇ ਘਰਾਂ ਦੀਆਂ ਛੱਤਾਂ ’ਤੇ ਘੁੰਮਦੇ ਬਾਂਦਰਾਂ ਤੋਂ ਲੋਕ ਦਹਿਸ਼ਤ ’ਚ ਹਨ। ਹਾਲਾਤ ਇਹ ਹਨ ਕਿ ਇਲਾਕਾ ਵਾਸੀ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ। ਖਾਸ ਕਰਕੇ ਗਲੀਆਂ ’ਚ ਖੇਡਣ ਵਾਲੇ ਬੱਚੇ ਵੀ ਘਰਾਂ ਅੰਦਰ ਕੈਦ ਰਹਿਣ ਲਈ ਮਜ਼ਬੂਰ ਹੋ ਗਏ ਹਨ। ਕੌਂਸਲਰ ਪਤੀ ਰਣਵੀਰ ਸਿੰਘ ਕਾਕਾ ਨੇ ਇਸ ਸਬੰਧੀ ਕਈ ਵਿਭਾਗਾਂ ਨੂੰ ਸ਼ਿਕਾਇਤ ਕੀਤੀ ਪਰ ਇਸ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇਲਾਕਾ ਵਾਸੀ ਬਾਂਦਰਾਂ ਦੇ ਹਮਲਿਆਂ ਦੇ ਸ਼ਿਕਾਰ ਹੋ ਰਹੇ ਹਨ। ਬਾਂਦਰਾਂ ਕਰਕੇ ਵੇਟਲਿਫਟਿੰਗ ਕੋਚ ਮੋਹਨ ਸਿੰਘ ਵਾਸੀ ਸ੍ਰੀ ਗੁਰੂ ਹਰਕ੍ਰਿਸ਼ਨ ਨਗਰ, ਖੰਨਾ ਪੌੜੀਆਂ ਤੋਂ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਏ। ਬਾਂਦਰਾਂ ਦੇ ਹਮਲਿਆਂ ਨਾਲ ਲੋਕਾਂ ਦਾ ਆਰਥਿਕ ਤੇ ਸਰੀਰਕ ਨੁਕਸਾਨ ਲਗਾਤਾਰ ਹੋ ਰਿਹਾ ਹੈ ਪਰ ਇਸ ਸਮੱਸਿਆ ਦੇ ਨਾਲ ਸਬੰਧਤ ਕੋਈ ਵੀ ਵਿਭਾਗ ਇਸ ਦਾ ਹੱਲ ਕਰਨ ਨੂੰ ਤਿਆਰ ਨਹੀਂ ਹੈ।
ਕਾਕਾ ਨੇ ਦੱਸਿਆ ਬਾਂਦਰਾਂ ਦੁਆਰਾ ਝਪਟਮਾਰੀ ਕਾਰਨ ਔਰਤਾਂ, ਬੱਚਿਆਂ ਤੇ ਆਮ ਲੋਕਾਂ ਦਾ ਨੁਕਸਾਨ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ’ਚ ਬੀਤੇ ਦਿਨ ਸ੍ਰੀ ਗੁਰੂ ਹਰਕ੍ਰਿਸ਼ਨ ਨਗਰ ’ਚ ਮੋਹਨ ਸਿੰਘ ਵੇਟ ਲਿਫਟਿੰਗ ਕੋਚ ਉਨ੍ਹਾਂ ਦੇ ਘਰ ਦੀ ਛੱਤ ’ਤੇ ਬਾਂਦਰਾਂ ਦੇ ਅਚਨਚੇਤ ਹਮਲੇ ਕਾਰਨ ਪੋੜੀਆਂ ਤੋਂ ਡਿੱਗ ਪਏ, ਜਿੰਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਖਰਾਬ ਹੋਣ ਕਾਰਣ ਉਨ੍ਹਾਂ ਨੂੰ ਚੰਡੀਗੜ੍ਹ ਹਸਪਤਾਲ ’ਚ ਭੇਜ ਦਿੱਤਾ ਗਿਆ।
ਕਾਕਾ ਨੇ ਦੱਸਿਆ ਬਾਂਦਰ ਹੁਣ ਹਮਲਾਵਰ ਹੋ ਕੇ ਬਹੁਤ ਜਣਿਆਂ ਨੂੰ ਜ਼ਖ਼ਮੀ ਕਰ ਚੁੱਕੇ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਸਮੱਸਿਆ ਦਾ ਜਲਦੀ ਹੀ ਕੋਈ ਹੱਲ ਕੀਤਾ ਜਾਵੇ। ਈਓ ਚਰਨਜੀਤ ਸਿੰਘ ਨੇ ਕਿਹਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ, ਜਿਸ ਦਾ ਛੇਤੀ ਹੱਲ ਕਰਵਾਇਆ ਜਾਵੇਗਾ।






